ਧਰਮ ਅਰਥ ਬੋਰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਮ ਅਰਥ ਬੋਰਡ: ਪੰਜਾਬ ਦੀਆਂ ਰਿਆਸਤਾਂ ਨੂੰ ਮਿਲਾ ਕੇ ਜਦੋਂ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ) ਸਰਕਾਰ ਬਣਾਈ ਗਈ ਤਾਂ ਇਸ ਦੇ ਰਾਜ-ਪ੍ਰਮੁਖ ਨੇ ਸਾਰੀਆਂ ਰਿਆਸਤਾਂ ਦੇ ਗੁਰੂ-ਧਾਮਾਂ ਨੂੰ ਇਕ ਪ੍ਰਬੰਧਕੀ ਸੰਸਥਾ ਦੁਆਰਾ ਚਲਾਉਣ ਦੀ ਸੋਚ ਅਧੀਨ 20 ਮਈ 1949 ਈ. ਨੂੰ ‘ਧਰਮ ਅਰਥ ਬੋਰਡ’ ਦੀ ਸਥਾਪਨਾ ਕੀਤੀ ਅਤੇ ਹਰ ਇਕ ਵਰਗ ਤੋਂ ਪ੍ਰਤਿਨਿਧ ਲੈ ਕੇ 25 ਮੈਂਬਰਾਂ ਨੂੰ ਸ਼ਾਮਲ ਕੀਤਾ। 27 ਜੂਨ 1949 ਈ. ਨੂੰ ਹੋਈ ਬੈਠਕ ਵਿਚ ਜੱਥੇਦਾਰ ਬਲਵੰਤ ਸਿੰਘ ਚਨਾਰਥਲ ਇਸ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਕ ਸਬ-ਕਮੇਟੀ ਦੁਆਰਾ ਇਸ ਬੋਰਡ ਦਾ ਸੰਵਿਧਾਨ ਤਿਆਰ ਕਰਵਾ ਕੇ 26 ਅਗਸਤ 1949 ਈ. ਦੀ ਮੀਟਿੰਗ ਵਿਚ ਪ੍ਰਵਾਨਗੀ ਲਈ ਗਈ। ਇਸ ਬੋਰਡ ਨਾਲ ਲਗਭਗ ਦੋ ਸੌ ਗੁਰਦੁਆਰੇ ਸੰਬੰਧਿਤ ਸਨ ਜਿਨ੍ਹਾਂ ਵਿਚੋਂ 25 ਗੁਰਦੁਆਰੇ ਸਿਧੇ ਬੋਰਡ ਅਧੀਨ ਸਨ, ਜਦ ਕਿ ਬਾਕੀ ਬੋਰਡ ਦੀ ਸਰਪ੍ਰਸਤੀ ਅਧੀਨ ਸਥਾਨਕ ਕਮੇਟੀਆਂ ਦੁਆਰਾ ਅਨੁਸ਼ਾਸਿਤ ਸਨ। ਪਰ ਆਪਸੀ ਵੈਰ-ਵਿਰੋਧ ਅਤੇ ਧੜੇਬੰਦੀਆਂ ਕਾਰਣ ਇਹ ਬੋਰਡ ਸੰਨ 1954 ਈ. ਵਿਚ ਤੋੜ ਦਿੱਤਾ ਗਿਆ ਅਤੇ ਇਸ ਦੀ ਥਾਂ 4 ਮਈ 1954 ਈ. ਨੂੰ 13 ਮੈਂਬਰਾਂ ਦਾ ਇਕ ਅੰਤਰਮ ਗੁਰਦੁਆਰਾ ਬੋਰਡ ਬਣਾਇਆ ਗਿਆ। ਪੈਪਸੂ ਸਰਕਾਰ ਦੇ ਖ਼ਤਮ ਹੋਣ ਤੋਂ ਬਾਦ ਇਸ ਬੋਰਡ ਨੂੰ 8 ਜਨਵਰੀ 1959 ਈ. ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਮੋ ਦਿੱਤਾ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.